ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ 23ਵੇਂ ਪ੍ਰੈਜ਼ੀਡੈਂਟਕੱਪ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤ ਦੇ ਮੁੱਕੇਬਾਜ਼ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਕੁੱਲ ਸੱਤ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ ਜਿਨ੍ਹਾਂ ਵਿੱਚੋਂ ਚਾਰ ਮਹਿਲਾ ਮੁੱਕੇਬਾਜ਼ ਖਿਡਾਰਨਾਂ ਹਨ। ਪੰਜਾਬ ਦੀ ਸਿਮਰਨਜੀਤ ਕੌਰ ਤੋਂ ਇਲਾਵਾ ਓਲੰਪਿਕ ਤਮਗਾ ਜੇਤੂ ਐਮ.ਸੀ.ਮੇਰੀਕੌਮ, ਜਮੁਨਾ ਬੋਰੋ ਤੋ ਮੋਨਿਕਾ ਨੇ ਸੋਨ ਤਮਗੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿਮਰਨਜੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਕਰ ਪਿੰਡ ਦੀਆਂ ਕੁੜੀਆਂ ਨੇ ਮੁੱਕੇਬਾਜ਼ੀ ਵਿੱਚ ਦੇਸ਼-ਵਿਦੇਸ਼ ਵਿੱਚ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਕੌਰ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਅਤੇ ਹੁਣ ਉਸ ਨੇ ਪ੍ਰੈਜ਼ੀਡੈਂਟ ਕੱਪ ਵਿੱਚ ਸੋਨ ਤਮਗਾ ਜਿੱਤ ਕੇ ਮੁੜ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਾਲ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਵੀ ਸਿਮਰਨਜੀਤ ਕੌਰ ਦੇਸ਼ ਦਾ ਨਾਮ ਚਮਕਾਏਗੀ। ਰਾਣਾ ਸੋਢੀ ਨੇ ਸਿਮਰਨਜੀਤ ਦੇ ਮਾਪਿਆਂ, ਕੋਚ ਅਤੇ ਚਕਰ ਦੀ ਸ਼ੇਰ-ਏ-ਪੰਜਾਬ ਅਕਡੈਮੀ ਸਿਰ ਇਸ ਪ੍ਰਾਪਤੀ ਦਾ ਸਿਹਰਾ ਬੰਨ੍ਹਿਆ।
ਲੁਧਿਆਣਾ ਜ਼ਿਲ੍ਹੇ ਦੀ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆ ‘ਚ ਕਰਾਈ ਬੱਲੇ-ਬੱਲੇ, ਜਿੱਤਿਆ ਸੋਨ ਤਮਗਾ