ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਤੇ ਗੇਂਦਬਾਜ਼ ਹਰਭਜਨ ਸਿੰਘ ਦਾ ਨਾਂ ਖੇਡ ਰਤਨ ਐਵਾਰਡ ਦੀ ਲਿਸਟ ਵਿੱਚ ਨਾ ਆਉਣ ਮਗਰੋਂ ਮਾਮਲਾ ਗਰਮਾ ਗਿਆ ਹੈ। ਪਿਛਲੇ ਦਿਨੀਂ ਖ਼ਬਰਾਂ ਆਈਆਂ ਸੀ ਕਿ ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਹੁਣ ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੂੰ ਬੇਨਤੀ ਕੀਤੀ ਹੈ ਕਿ ਉਸ ਦੀ ਨਾਮਜ਼ਦਗੀ ‘ਚ ਦੇਰੀ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ। ਹਰਭਜਨ ਸਿੰਘ ਕੌਮਾਂਤਰੀ ਕ੍ਰਿਕੇਟ ਵਿੱਚ 707 ਵਿਕਟਾਂ ਹਾਸਲ ਕੀਤੀਆਂ ਹਨ। ਫਿਰਕੀ ਗੇਂਦਬਾਜ਼ ਨੇ 103 ਟੈਸਟ, 236 ਇੱਕ ਦਿਨਾ ਤੇ 28 ਟੀ-20 ਮੈਚਾਂ ਦੌਰਾਨ ਇੰਨੀਆਂ ਵਿਕਟਾਂ ਹਾਸਲ ਕੀਤੀਆਂ। ਹਰਭਜਨ ਨੇ ਟੈਸਟ ਕ੍ਰਿਕੇਟ ਵਿੱਚ ਕੁੱਲ 2,224 ਦੌੜਾਂ ਬਣਾਈਆਂ ਤੇ 417 ਵਿਕਟਾਂ ਵੀ ਹਾਸਲ ਕੀਤੀਆਂ।
ਇੱਕ ਦਿਨਾ ਮੈਚਾਂ ਵਿੱਚ ਵੀ ਉਨ੍ਹਾਂ 1237 ਦੌੜਾਂ ਬਣਾਈਆਂ ਤੇ 269 ਵਿਕਟਾਂ ਵੀ ਲਈਆਂ। ਟੀ-20 ਵਿੱਚ ਉਨ੍ਹਾਂ 21 ਵਿਕਟਾਂ ਹਾਸਲ ਕੀਤੀਆਂ ਹਨ। ਹਰਭਜਨ ਨੇ ਆਖਰੀ ਕੌਮਾਂਤਰੀ ਮੁਕਾਬਲਾ ਸਾਲ 2016 ਵਿੱਚ ਖੇਡਿਆ ਸੀ।